ਪਟਿਆਲਾ ਪੱਧਰ ’ਤੇ ਸ਼ਿਕਾਇਤ, ਦੋ ਟਰਾਂਸਫਾਰਮਰਾਂ ਨਾਲ ਇਲਾਕੇ ਨੂੰ ਦੋ ਹਿੱਸਿਆਂ ਵਿੱਚ ਵੰਡਣ ਅਤੇ ਕਥਿਤ ਰਿਸ਼ਵਤ ਮੰਗਣ ਦੇ ਦੋਸ਼ਾਂ ਦੀ ਜਾਂਚ ਦੀ ਮੰਗ

ਜਲੰਧਰ:(ਦੀਪਕ ਸੈਣੀ) ਪੰਜਾਬੀ ਬਾਗ ਇਲਾਕੇ ਦੇ ਵਸਨੀਕ ਲੰਬੇ ਸਮੇਂ ਤੋਂ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਦੇ ਲੰਬੇ-ਲੰਬੇ ਕੱਟਾਂ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਖਾਸ ਕਰਕੇ ਐਤਵਾਰ ਨੂੰ, ਜਦੋਂ ਨੌਕਰੀਪੇਸ਼ਾ ਲੋਕ ਪੂਰੇ ਹਫ਼ਤੇ ਦੀ ਥਕਾਵਟ ਤੋਂ ਬਾਅਦ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ, ਉਸ ਦਿਨ ਵੀ ਕਈ ਘੰਟਿਆਂ ਦੇ ਬਿਜਲੀ ਕੱਟ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਹੁਣ ਇਲਾਕਾ ਵਾਸੀਆਂ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ
ਪਟਿਆਲਾ ਪੱਧਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਕਾਇਤ ਵਿੱਚ ਮੌਜੂਦਾ ਬਿਜਲੀ ਕੱਟਾਂ ਦੇ ਨਾਲ-ਨਾਲ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬੀ ਬਾਗ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਕਿਨ੍ਹਾਂ ਹਾਲਾਤਾਂ ਵਿੱਚ ਅਤੇ ਕਿਸ ਦੀ ਮਨਜ਼ੂਰੀ ਨਾਲ ਕੀਤਾ ਗਿਆ, ਇਸ ਦੀ ਵੀ ਜਾਂਚ ਕੀਤੀ ਜਾਵੇ।

ਰੋਜ਼ਾਨਾ 3 ਤੋਂ 4 ਘੰਟਿਆਂ ਦੇ ਕੱਟਾਂ ਦਾ ਦੋਸ਼
ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਕਈ ਵਾਰ ਰਾਤ ਸਮੇਂ ‘ਫਾਲਟ’ ਜਾਂ ‘ਮੈਂਟੇਨੈਂਸ’ ਦੇ ਨਾਮ ’ਤੇ 3 ਤੋਂ 4 ਘੰਟਿਆਂ ਤੱਕ ਬਿਜਲੀ ਬੰਦ ਰਹਿੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਰ ਵਾਰ ਫਾਲਟ ਦੇ ਨਾਮ ’ਤੇ ਇੰਨੇ ਲੰਬੇ ਕੱਟ ਲਗ ਰਹੇ ਹਨ ਤਾਂ ਇਸਦੀ ਵੀ ਵਿਭਾਗੀ ਜਾਂਚ ਹੋਣੀ ਚਾਹੀਦੀ ਹੈ ਕਿ ਅਸਲ ਵਿੱਚ ਫਾਲਟ ਹੈ ਜਾਂ ਮੈਂਟੇਨੈਂਸ ਦੇ ਨਾਮ ’ਤੇ ਬਿਜਲੀ ਸਪਲਾਈ ਬੰਦ ਕੀਤੀ ਜਾ ਰਹੀ ਹੈ।

‘ਮੁਫ਼ਤ ਬਿਜਲੀ’ ਦੇ ਦਾਅਵਿਆਂ ’ਤੇ ਵੀ ਸਵਾਲ
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਦੇ ਮੁਫ਼ਤ ਬਿਜਲੀ ਦੇ ਦਾਅਵਿਆਂ ’ਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਲੋਕਾਂ ਨੂੰ ਕਈ-ਕਈ ਘੰਟੇ ਬਿਜਲੀ ਮਿਲੇਗੀ ਹੀ ਨਹੀਂ ਤਾਂ ਬਿਜਲੀ ਮੁਫ਼ਤ ਹੋਣ ਦਾ ਕੀ ਲਾਭ? ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਬਿਜਲੀ ਵਿਭਾਗ ਨੂੰ ਸਿਰਫ਼ ਬਿੱਲਾਂ ਦੀ ਗੱਲ ਨਹੀਂ, ਸਗੋਂ ਨਿਰਵਿਘਨ ਬਿਜਲੀ ਸਪਲਾਈ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ।


ਪੁਰਾਣੇ ਅਧਿਕਾਰੀ ’ਤੇ ਕਥਿਤ 60 ਹਜ਼ਾਰ ਰੁਪਏ ਮੰਗਣ ਦਾ ਦੋਸ਼
ਇਸ ਸ਼ਿਕਾਇਤ ਵਿੱਚ ਇੱਕ ਹੋਰ ਗੰਭੀਰ ਦੋਸ਼ ਵੀ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾਵਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਸਮੇਂ ਪੰਜਾਬੀ ਬਾਗ ਵਿੱਚ ਦੋ ਟਰਾਂਸਫਾਰਮਰ ਵੱਖ-ਵੱਖ ਕੀਤੇ ਗਏ ਸਨ, ਉਸ ਸਮੇਂ ਦੇ ਇੱਕ ਪੁਰਾਣੇ ਐੱਸਡੀਓ ਵੱਲੋਂ ਕਥਿਤ ਤੌਰ ’ਤੇ 60 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ।

ਹਾਲਾਂਕਿ ਇਹ ਦੋਸ਼ ਗੰਭੀਰ ਹਨ ਅਤੇ ਇਨ੍ਹਾਂ ਦੀ ਸੱਚਾਈ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ। ਇਸ ਲਈ ਸ਼ਿਕਾਇਤਕਰਤਾਵਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪਟਿਆਲਾ ਤੋਂ ਕਾਰਵਾਈ ਦੀ ਉਮੀਦ

ਹੁਣ ਲੋਕਾਂ ਦੀ ਨਜ਼ਰ ਪਟਿਆਲਾ ਪੱਧਰ ਤੋਂ ਆਉਣ ਵਾਲੇ ਜਵਾਬ ਅਤੇ ਕਾਰਵਾਈ ’ਤੇ ਟਿਕੀ ਹੋਈ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਬਿਜਲੀ ਸਪਲਾਈ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਜਾਂ ਭ੍ਰਿਸ਼ਟਾਚਾਰ ਸਾਹਮਣੇ ਆਉਂਦਾ ਹੈ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬੀ ਬਾਗ ਦੇ ਲੋਕਾਂ ਦੀ ਇਸ ਸ਼ਿਕਾਇਤ ’ਤੇ ਪਟਿਆਲਾ ਪੱਧਰ ਤੋਂ ਕੀ ਕਾਰਵਾਈ ਹੁੰਦੀ ਹੈ ਅਤੇ ਕੀ ਇਲਾਕੇ ਨੂੰ ਲੰਬੇ ਬਿਜਲੀ ਕੱਟਾਂ ਤੋਂ ਸਥਾਈ ਰਾਹਤ ਮਿਲਦੀ ਹੈ।
