ਮਕਸੂਦਾ ਥਾਣੇ ਦੀ ਅਚਨਚੇਤ ਚੈਕਿੰਗ, ਐੱਸ.ਪੀ. ਹੁੰਦਲ ਨੇ ਨਸ਼ਾ ਤਸਕਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ; ਨਾਹਰਪੁਰ ਬਣੇਗਾ ਪੁਲਸ ਦੇ ਨਿਸ਼ਾਨੇ ‘ਤੇ!

ਜਲੰਧਰ, 1 ਨਵੰਬਰ (Deepak Saini)– ਜਲੰਧਰ ਦਿਹਾਤ ਦੇ ਐਸਪੀ ਹੈਡਕੁਆਰਟਰ ਤੇਜਵੀਰ ਸਿੰਘ ਹੁੰਦਲ ਵੱਲੋਂ ਅੱਜ ਦਿਹਾਤ ਅਧੀਨ ਪੈਂਦੇ ਥਾਣਾ ਮਕਸੂਦਾ ਵਿਖੇ ਅਚਨਚੇਤ ਦੌਰਾ ਕਰਕੇ ਥਾਣੇ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਥਾਣੇ ਦੀ ਰੋਜ਼ਾਨਾ ਕਾਰਜਪ੍ਰਣਾਲੀ, ਰਿਕਾਰਡ ਰਜਿਸਟਰਾਂ ਅਤੇ ਵੱਖ-ਵੱਖ ਬ੍ਰਾਂਚਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਗਿਆ ਤਾਂ ਜੋ ਪੁਲਸ ਕੰਮਕਾਜ ਵਿੱਚ ਹੋਰ ਪਾਰਦਰਸ਼ਤਾ ਲਿਆਂਦੀ ਜਾ ਸਕੇ।

ਨਿਰੀਖਣ ਦੌਰਾਨ ਐਸਪੀ ਤੇਜਵੀਰ ਸਿੰਘ ਹੁੰਦਲ ਨੇ ਥਾਣੇ ਦੀ ਇਮਾਰਤ ਦੀ ਹਾਲਤ ਨੂੰ ਦੇਖਦਿਆਂ ਥਾਣਾ ਮੁਖੀ ਇੰਸਪੈਕਟਰ ਬਲਵੀਰ ਸਿੰਘ ਨੂੰ ਤੁਰੰਤ ਹਦਾਇਤ ਕੀਤੀ ਕਿ ਥਾਣੇ ਦੀ ਮੁਰੰਮਤ ਅਤੇ ਲੋੜੀਂਦੇ ਸੁਧਾਰ ਸੰਬੰਧੀ ਉੱਚ ਅਧਿਕਾਰੀਆਂ ਅਤੇ ਵਿਭਾਗ ਨੂੰ ਤੁਰੰਤ ਲਿਖਤੀ ਪੱਤਰ ਭੇਜਿਆ ਜਾਵੇ ਤਾਂ ਜੋ ਇਮਾਰਤ ਦੀ ਕਾਇਆ-ਕਲਪ ਸਮੇਂ ਸਿਰ ਕੀਤੀ ਜਾ ਸਕੇ।

ਇਸ ਮੌਕੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਚੱਲ ਰਹੀ *’ਯੁੱਧ ਨਸ਼ਿਆਂ ਵਿਰੁੱਧ’*ਮੁਹਿੰਮ ਦੀ ਸਮੀਖਿਆ ਕਰਦਿਆਂ ਐਸਪੀ ਹੁੰਦਲ ਨੇ ਇਲਾਕੇ ਵਿੱਚੋਂ ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਉਹਨਾਂ ਵਿਸ਼ੇਸ਼ ਤੌਰ ‘ਤੇ ਨਸ਼ਿਆਂ ਦੇ ਹੌਟਸਪੌਟ ਵਜੋਂ ਜਾਣੇ ਜਾਂਦੇ ਪਿੰਡ ਨਾਹਰਪੁਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਪੁਲਸ ਮੁਲਾਜ਼ਮਾਂ ਵੱਲੋਂ ਪੂરી ਮੁਸਤੈਦੀ, ਚੌਕਸੀ ਅਤੇ ਸਖ਼ਤੀ ਨਾਲ ਡਿਊਟੀ ਨਿਭਾਈ ਜਾਵੇ। ਉਹਨਾਂ ਹੁਕਮ ਦਿੱਤੇ ਕਿ ਪਿੰਡ ਨਾਹਰਪੁਰ ਵਿੱਚੋਂ ਨਸ਼ੇ ਦਾ ਮੁਕੰਮਲ ਖਾਤਮਾ ਕਰਨ ਲਈ ਗਸ਼ਤ ਤੇ ਨਾਕਾਬੰਦੀ ਨੂੰ ਹੋਰ ਸਖ਼ਤ ਕੀਤਾ ਜਾਵੇ।

ਐਸਪੀ ਹੁੰਦਲ ਨੇ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰਾਂ ਨਾਲ ਕਿਸੇ ਵੀ ਕਿਸਮ ਦੀ ਨਰਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਥਾਣਾ ਮੁਖੀ ਬਲਵੀਰ ਸਿੰਘ ਨੇ ਭਰੋਸਾ ਦਿਵਾਇਆ ਕਿ ਦਿੱਤੇ ਗਏ ਸਾਰੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ ਅਤੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।