
ਜਲੰਧਰ: ਵਾਰਡ ਨੰਬਰ 4 ਦੇ ਪੰਜਾਬੀ ਬਾਗ ਇਲਾਕੇ ਵਿੱਚ ਬਣਾਈ ਜਾ ਰਹੀ ਸੜਕ ਨੂੰ ਲੈ ਕੇ ਭਾਜਪਾ ਆਗੂ ਅਤੇ ਵਾਰਡ ਨੰਬਰ 3 ਦੇ ਮੰਡਲ ਪ੍ਰਧਾਨ ਦੀਪਕ ਸੈਣੀ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਲੋਕਾਂ ਦੇ ਪੈਸੇ ਨਾਲ ਬਣ ਰਹੀ ਸੜਕ ਦੇ ਨਿਰਮਾਣ ਵਿੱਚ ਜੇਕਰ ਕਥਿਤ ਤੌਰ ’ਤੇ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ ਤਾਂ ਇਹ ਬੇਹੱਦ ਗੰਭੀਰ ਮਾਮਲਾ ਹੈ।

ਦੀਪਕ ਸੈਣੀ ਨੇ ਕਿਹਾ ਕਿ ਪੰਜਾਬੀ ਬਾਗ ਦੀ ਇਸ ਸੜਕ ਨੂੰ ਬਣਾਉਣ ਸਮੇਂ ਪੁਰਾਣੀ ਮਿੱਟੀ ਅਤੇ ਮਲਬਾ ਪੂਰੀ ਤਰ੍ਹਾਂ ਹਟਾਏ ਬਿਨਾਂ, ਢੰਗ ਨਾਲ ਲੈਵਲਿੰਗ ਕੀਤੇ ਬਿਨਾਂ ਅਤੇ ਸੜਕ ਦੀ ਮਜ਼ਬੂਤ ਬੇਸ ਤਿਆਰ ਕੀਤੇ ਬਿਨਾਂ ਹੀ ਬਜਰੀ ਅਤੇ ਹੋਰ ਮਟੀਰੀਅਲ ਪਾਇਆ ਜਾ ਰਿਹਾ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਰੋਸ ਪੈਦਾ ਹੋਇਆ ਹੈ।

ਉਨ੍ਹਾਂ ਕਿਹਾ, “ਸੜਕ ਸਿਰਫ਼ ਉੱਪਰੋਂ ਮਟੀਰੀਅਲ ਪਾ ਕੇ ਤਿਆਰ ਕਰਨ ਦਾ ਨਾਮ ਨਹੀਂ ਹੈ। ਸੜਕ ਦੀ ਬੇਸ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਨਿਰਮਾਣ ਤਕਨੀਕੀ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ। ਜੇਕਰ ਹੁਣ ਹੀ ਕੰਮ ਵਿੱਚ ਕਥਿਤ ਖਾਮੀਆਂ ਨਜ਼ਰ ਆ ਰਹੀਆਂ ਹਨ ਤਾਂ ਸਵਾਲ ਇਹ ਹੈ ਕਿ ਇਹ ਸੜਕ ਕਿੰਨੇ ਸਮੇਂ ਤੱਕ ਟਿਕੇਗੀ?”

ਦੀਪਕ ਸੈਣੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਵੱਲੋਂ ਕੰਮ ਰੁਕਵਾ ਕੇ ਮਟੀਰੀਅਲ ਅਤੇ ਨਿਰਮਾਣ ਦੇ ਤਰੀਕੇ ’ਤੇ ਸਵਾਲ ਚੁੱਕਣਾ ਆਪਣੇ ਆਪ ਵਿੱਚ ਗੰਭੀਰ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਵਿੱਚ ਵਰਤੇ ਜਾ ਰਹੇ ਮਟੀਰੀਅਲ ਦੀ ਨਿਰਪੱਖ ਜਾਂਚ ਅਤੇ ਗੁਣਵੱਤਾ ਦੀ ਟੈਸਟਿੰਗ ਕਰਵਾਈ ਜਾਵੇ ਅਤੇ ਜਾਂਚ ਤੋਂ ਬਾਅਦ ਹੀ ਅੱਗੇ ਦਾ ਕੰਮ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਚਾਰ ਸਾਲ ਬਾਅਦ ਵਿਕਾਸ ਦੇ ਨਾਮ ’ਤੇ ਲੋਕਾਂ ਨੂੰ ਮਿੱਠੀ ਗੋਲੀ ਦੇਣ ਦੀ ਕੋਸ਼ਿਸ਼ ਨਹੀਂ ਚੱਲੇਗੀ। ਜੇਕਰ ਸਰਕਾਰ ਵਿਕਾਸ ਕਰਨਾ ਚਾਹੁੰਦੀ ਹੈ ਤਾਂ ਅਜਿਹਾ ਕੰਮ ਕਰੇ ਜੋ ਸਾਲਾਂ ਤੱਕ ਲੋਕਾਂ ਲਈ ਫਾਇਦੇਮੰਦ ਰਹੇ, ਨਾ ਕਿ ਕੁਝ ਸਮੇਂ ਬਾਅਦ ਮੁੜ ਸੜਕ ਬਣਾਉਣ ਦੀ ਲੋੜ ਪਵੇ।

ਦੀਪਕ ਸੈਣੀ ਨੇ ਸਥਾਨਕ ਕੌਂਸਲਰ ਕੁਲਦੀਪ ਸਿੰਘ ਲੁਬਾਣਾ ਦੀ ਭੂਮਿਕਾ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰੀ ਪੈਸੇ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਗੁਣਵੱਤਾ ਯਕੀਨੀ ਬਣਾਉਣਾ ਸਬੰਧਤ ਨੁਮਾਇੰਦਿਆਂ ਅਤੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦਾ ਕੰਮ ਨਿਯਮਾਂ ਅਨੁਸਾਰ ਹੋ ਰਿਹਾ ਹੈ ਤਾਂ ਮਟੀਰੀਅਲ ਅਤੇ ਨਿਰਮਾਣ ਦੀ ਗੁਣਵੱਤਾ ਦੀ ਜਾਂਚ ਕਰਵਾ ਕੇ ਲੋਕਾਂ ਦੇ ਸ਼ੰਕੇ ਦੂਰ ਕੀਤੇ ਜਾਣ।
ਉਨ੍ਹਾਂ ਪੰਜਾਬੀ ਬਾਗ ਇਲਾਕੇ ਵਿੱਚ ਚੱਲ ਰਹੀਆਂ ਪਲਾਈ ਅਤੇ ਹੋਰ ਫੈਕਟਰੀਆਂ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਦਾ ਮਸਲਾ ਵੀ ਚੁੱਕਿਆ। ਦੀਪਕ ਸੈਣੀ ਨੇ ਕਿਹਾ ਕਿ ਜੇਕਰ ਰਿਹਾਇਸ਼ੀ ਇਲਾਕੇ ਵਿੱਚ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਸੜਕਾਂ ਵਾਰ-ਵਾਰ ਟੁੱਟ ਰਹੀਆਂ ਹਨ ਤਾਂ ਪ੍ਰਸ਼ਾਸਨ ਨੂੰ ਇਸ ਮਾਮਲੇ ਦਾ ਵੀ ਪੱਕਾ ਹੱਲ ਕਰਨਾ ਚਾਹੀਦਾ ਹੈ।

ਦੀਪਕ ਸੈਣੀ ਨੇ ਕਿਹਾ, “ਜਨਤਾ ਹੁਣ ਜਾਗ ਚੁੱਕੀ ਹੈ। ਸਰਕਾਰੀ ਪੈਸਾ ਕਿਸੇ ਪਾਰਟੀ ਦਾ ਨਹੀਂ, ਲੋਕਾਂ ਦਾ ਪੈਸਾ ਹੈ। ਇਸ ਲਈ ਸੜਕ ਦਾ ਕੰਮ ਵੀ ਲੋਕਾਂ ਦੀਆਂ ਉਮੀਦਾਂ ਅਨੁਸਾਰ ਮਿਆਰੀ ਹੋਣਾ ਚਾਹੀਦਾ ਹੈ। ਫੋਟੋਆਂ ਖਿੱਚਵਾ ਕੇ ਵਿਕਾਸ ਦਿਖਾਉਣ ਦੀ ਬਜਾਏ ਜ਼ਮੀਨ ’ਤੇ ਮਜ਼ਬੂਤ ਅਤੇ ਟਿਕਾਊ ਕੰਮ ਕਰਨਾ ਚਾਹੀਦਾ ਹੈ।”
ਉਨ੍ਹਾਂ ਮੰਗ ਕੀਤੀ ਕਿ ਪੰਜਾਬੀ ਬਾਗ ਦੀ ਬਣ ਰਹੀ ਸੜਕ ਦੇ ਮਟੀਰੀਅਲ, ਬੇਸ, ਲੈਵਲਿੰਗ ਅਤੇ ਪੂਰੇ ਨਿਰਮਾਣ ਕਾਰਜ ਦੀ ਤਕਨੀਕੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਜਾਂਚ ਵਿੱਚ ਕਿਸੇ ਤਰ੍ਹਾਂ ਦੀ ਕਮੀ ਜਾਂ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਦੀਪਕ ਸੈਣੀ ਨੇ ਕਿਹਾ ਕਿ ਲੋਕਾਂ ਨੂੰ ਦਿਖਾਵੇ ਵਾਲਾ ਨਹੀਂ, ਸਗੋਂ ਮਜ਼ਬੂਤ ਅਤੇ ਸਾਲਾਂ ਤੱਕ ਚੱਲਣ ਵਾਲਾ ਵਿਕਾਸ ਚਾਹੀਦਾ ਹੈ।
