ਜਲੰਧਰ ਨਗਰ ਨਿਗਮ ‘ਚ ਸ਼ਿਕਾਇਤ ਨਿਪਟਾਰੇ ਨੂੰ ਲੈ ਕੇ ਵੱਡੇ ਸਵਾਲ!

ਸ਼ਿਕਾਇਤ ਕੀਤੀ ਜਾ ਰਹੀ ਇਮਾਰਤ ਦੀ ਥਾਂ ਕਿਸੇ ਹੋਰ ਦੁਕਾਨ ਦੀ ਫੋਟੋ ਲਗਾ ਕੇ ਸ਼ਿਕਾਇਤ ਬੰਦ ਕਰਨ ਦਾ ਦੋਸ਼
ਜਲੰਧਰ/ਦੀਪਕ ਸੈਣੀ: ਜਲੰਧਰ ਦੇ ਰੇਰੂ ਪਿੰਡ, ਵਾਰਡ ਨੰਬਰ 4 ਵਿੱਚ ਬਣ ਰਹੀਆਂ ਦੁਕਾਨਾਂ ਸਬੰਧੀ ਨਗਰ ਨਿਗਮ ਜਲੰਧਰ ਕੋਲ ਕੀਤੀ ਗਈ ਸ਼ਿਕਾਇਤ ਹੁਣ ਖੁਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸ਼ਿਕਾਇਤਕਰਤਾ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਿਸ ਨਿਰਮਾਣ ਕਾਰਜ ਦੀ ਸ਼ਿਕਾਇਤ ਕੀਤੀ ਗਈ ਸੀ, ਉਸ ਦੀ ਜਾਂਚ ਕਰਨ ਦੀ ਬਜਾਏ ਕਿਸੇ ਹੋਰ ਦੁਕਾਨ ਦੀ ਤਸਵੀਰ ਲਗਾ ਕੇ ਸ਼ਿਕਾਇਤ ਨੂੰ ‘ਰਿਜ਼ੋਲਵ’ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।

ਸ਼ਿਕਾਇਤ ਕੀਤੀ ਦੁਕਾਨਾਂ ਦੀ ਤਸਵੀਰ

ਸ਼ਿਕਾਇਤ Grievance ID 20260843267 ਨਾਲ ਸਬੰਧਤ ਦੱਸੀ ਜਾ ਰਹੀ ਹੈ। ਸ਼ਿਕਾਇਤ ਜਾਂਚ ਲਈ ਬਿਲਡਿੰਗ ਇੰਸਪੈਕਟਰ ਮਨੀਸ਼ ਕੁਮਾਰ ਕੋਲ ਪਹੁੰਚੀ। ਪਰ ਸ਼ਿਕਾਇਤਕਰਤਾ ਦਾ ਸਿੱਧਾ ਸਵਾਲ ਹੈ ਕਿ ਸ਼ਿਕਾਇਤ ਵਿੱਚ ਦਰਸਾਈ ਗਈ ਨਿਰਮਾਣ ਅਧੀਨ ਇਮਾਰਤ ਅਤੇ ਸ਼ਿਕਾਇਤ ਬੰਦ ਕਰਨ ਲਈ ਪੇਸ਼ ਕੀਤੀ ਗਈ ਸ਼ਟਰ ਵਾਲੀ ਦੁਕਾਨ—ਕੀ ਇਹ ਵਾਕਈ ਇੱਕੋ ਹੀ ਜਗ੍ਹਾ ਹੈ?

ਸ਼ਿਕਾਇਤ ਨੂੰ ਬੰਦ ਕਰਨ ਲਈ ਭੇਜੀ ਤਸਵੀਰ

ਮਨੀਸ਼ ਕੁਮਾਰ ਤੋਂ ਸਿੱਧੇ ਸਵਾਲ

  • ਕੀ ਸ਼ਿਕਾਇਤ ਵਿੱਚ ਦਰਸਾਈ ਗਈ ਜਗ੍ਹਾ ਦੀ ਹੀ ਤਸਵੀਰ ਸ਼ਿਕਾਇਤ ਦੇ ਨਿਪਟਾਰੇ ਸਮੇਂ ਅਪਲੋਡ ਕੀਤੀ ਗਈ?

  • ਜੇ ਦੋਵੇਂ ਤਸਵੀਰਾਂ ਇੱਕੋ ਜਗ੍ਹਾ ਦੀਆਂ ਹਨ ਤਾਂ ਇਸ ਦੀ ਲੋਕੇਸ਼ਨ ਅਤੇ ਮੌਕੇ ਦੀ ਜਾਂਚ ਦਾ ਰਿਕਾਰਡ ਕਿੱਥੇ ਹੈ?

  • ਜੇ ਤਸਵੀਰ ਕਿਸੇ ਹੋਰ ਦੁਕਾਨ ਦੀ ਹੈ ਤਾਂ ਸ਼ਿਕਾਇਤ ਨੂੰ ‘ਰਿਜ਼ੋਲਵ’ ਕਿਵੇਂ ਦਿਖਾਇਆ ਗਿਆ?

  • ਕੀ ਮੌਕੇ ‘ਤੇ ਜਾ ਕੇ ਦੁਬਾਰਾ ਨਿਰਪੱਖ ਜਾਂਚ ਕੀਤੀ ਜਾਵੇਗੀ?

ਸ਼ਿਕਾਇਤਕਰਤਾ ਨੇ ਇਹ ਵੀ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ MTP ਅਤੇ ATP ਪੱਧਰ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ‘ਤੇ ਜਾ ਕੇ ਕੀਤੀ ਜਾਵੇ ਅਤੇ ਸ਼ਿਕਾਇਤ ਦੇ ਨਾਲ ਲਗਾਈਆਂ ਗਈਆਂ ਤਸਵੀਰਾਂ ਦੀ ਲੋਕੇਸ਼ਨ ਦੀ ਪੁਸ਼ਟੀ ਕੀਤੀ ਜਾਵੇ।

ਫਿਲਹਾਲ ਇਹ ਦੋਸ਼ ਹਨ ਅਤੇ ਇਨ੍ਹਾਂ ਦੀ ਸਰਕਾਰੀ ਤੌਰ ‘ਤੇ ਪੁਸ਼ਟੀ ਹੋਣੀ ਬਾਕੀ ਹੈ। ਜੇ ਜਾਂਚ ਵਿੱਚ ਤਸਵੀਰਾਂ ਜਾਂ ਸ਼ਿਕਾਇਤ ਦੇ ਨਿਪਟਾਰੇ ਵਿੱਚ ਕੋਈ ਗੜਬੜ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਸਵਾਲ ਹੁਣ ਸਿਰਫ਼ ਇੱਕ ਹੈ—ਸ਼ਿਕਾਇਤ ਵਾਲੀ ਦੁਕਾਨ ਕਿਹੜੀ ਹੈ ਅਤੇ ਸ਼ਿਕਾਇਤ ਬੰਦ ਕਰਨ ਲਈ ਦਿਖਾਈ ਗਈ ਦੁਕਾਨ ਕਿਹੜੀ?
ਨਗਰ ਨਿਗਮ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ।